पंजाबी अनुवाद: श्याम सुन्दर अग्रवाल
ਅਸੀਂ ਖੁਸ਼ੀ ਨਾਲ ਉੱਛਲ ਪਏ। ਟਾਸ ਸਾਡੇ ਪੱਖ ਵਿੱਚ ਰਿਹਾ ਸੀ। ਹੁਣ ਉਹਨਾਂ ਦੋਹਾਂ ਰਸਤਿਆਂ ਵਿੱਚੋਂ ਅਸੀਂ ਕੋਈ ਵੀ ਚੁਣ ਸਕਦੇ ਸੀ।
ਪਹਿਲਾ ਰਸਤਾ ਊਬੜ-ਖਾਬੜ ਸੀ ਤੇ ਜੰਗਲ ਵਿੱਚੋਂ ਜਾਂਦਾ ਸੀ। ਉਸ ਉੱਤੇ ਚਲਦੇ ਹੋਏ ਸਾਨੂੰ ਅੱਗ ਵਰ੍ਹਾਉਂਦੇ ਸੂਰਜ ਦਾ ਸਾਹਮਣਾ ਕਰਨਾ ਪੈਣਾ ਸੀ। ਦੂਜਾ ਰਾਹ ਪੱਧਰਾ ਤੇ ਸਾਫ਼-ਸੁਥਰਾ ਸੀ, ਉਹਦੇ ਦੋਨੋਂ ਪਾਸੇ ਦਰੱਖਤਾਂ ਦੀ ਸੰਘਨੀ ਛਾਂ ਸੀ। ਉਸ ਉੱਤੇ ਚਲਦੇ ਹੋਏ ਸੂਰਜ ਸਾਡੀ ਪਿੱਠ ਤੇ ਹੀ ਰਹਿਣਾ ਸੀ।
ਅਸੀਂ ਦੂਜਾ ਰਸਤਾ ਚੁਣਿਆ।
ਅਸੀਂ ਬੇਫ਼ਿਕਰ ਸੀ। ਟਾਸ ਨੇ ਸਾਡਾ ਕੰਮ ਸੌਖਾ ਕਰ ਦਿੱਤਾ ਸੀ। ਅਸੀਂ ਛੇਤੀ ਹੀ ਨਿਸ਼ਚਿਤ ਦੂਰੀ ਤੈਅ ਕਰ ਲਈ ਸੀ। ਪਰ ਮੰਜ਼ਿਲ ਉੱਤੇ ਪਹੁੰਚਦਿਆਂ ਹੀ ਸਾਨੂੰ ਝਟਕਾ ਲੱਗਾ। ਸਾਡੀ ਸਾਰੀ ਖੁਸ਼ੀ ਕਾਫੂਰ ਹੋ ਗਈ। ਵਿਰੋਧੀ ਟੀਮ ਉਸ ਬੇਹੱਦ ਔਖੇ ਰਸਤੇ ਰਾਹੀਂ ਵੀ ਸਾਡੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੀ ਸੀ ਤੇ ਜਸ਼ਨ ਮਣਾ ਰਹੀ ਸੀ। ਉਹ ਮੁੜ੍ਹਕੇ ਨਾਲ ਤਰ-ਬਤਰ ਸਨ। ਮਿਹਨਤ ਕਾਰਨ ਉਹਨਾਂ ਦੇ ਚਿਹਰੇ ਚਮਕ ਰਹੇ ਸਨ।
ਸਾਡੇ ਚਿਹਰੇ ਬੁਝੇ ਹੋਏ ਸਨ। ਸਾਡੇ ਕੋਲ ਸਾਡੇ ਲੰਮੇ ਹੁੰਦੇ ਪਰਛਾਵਿਆਂ ਤੋਂ ਸਿਵਾ ਕੁਝ ਵੀ ਨਹੀਂ ਸੀ।
-0-