ਡਾ. ਪੂਨਮ ਗੁਪਤ/ अनुवाद-श्याम सुन्दर अग्रवाल
ਰਮੇਸ਼ ਦੀ ਮਾਸੀ ਦੇ ਘਰ ਜਗਰਾਤਾ ਸੀ। ਪਰਿਵਾਰ ਦਾ ਜਗਰਾਤੇ ਵਿਚ ਸ਼ਾਮਲ ਹੋਣਾ ਜ਼ਰੂਰੀ ਸੀ। ਰਮੇਸ਼ ਦੀ ਪਤਨੀ ਸੁਨੀਤਾ ਜਗਰਾਤੇ ਵਿਚ ਜਾਣ ਤੋਂ ਕਤਰਾ ਰਹੀ ਸੀ।
“ਮੈਂ ਕਾਕੇ ਨੂੰ ਲੈ ਕੇ ਘਰ ਈ ਰੁਕ ਜਾਨੀ ਆਂ।” ਉਸਨੇ ਰਮੇਸ਼ ਨੂੰ ਕਿਹਾ।
“ਕਿਉਂ?”
“ਪਿਛਲੀ ਵਾਰ ਸਪੀਕਰਾਂ ਦੇ ਰੌਲੇ-ਰੱਪੇ ’ਚ ਕਾਕੇ ਨੇ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ।”
“ਤੂੰ ਰਾਤ ਨੂੰ ’ਕੱਲੀ ਕਿਵੇਂ ਰਹੇਂਗੀ, ਡਰ ਨੀ ਲੱਗੂਗਾ?”
“ਡਰ ਕਾਹਦਾ! ਆਪਣਾ ਘਰ ਏ।” ਸੁਨੀਤਾ ਦੇ ਜਵਾਬ ਵਿਚ ਬਹੁਤ ਹੌਂਸਲਾ ਸੀ।
“ਚੰਗਾ ਠੀਕ ਐ।” ਕਹਿਕੇ ਰਮੇਸ਼ ਬੇਬੇ-ਬਾਪੂ ਦੇ ਕਮਰੇ ਵੱਲ ਵਧਿਆ।
“ਤੁਸੀਂ ਹਾਲੇ ਤੀਕ ਤਿਆਰ ਨੀ ਹੋਏ? ਛੇ ਵੱਜਗੇ…ਆਪਾਂ ਸੱਤ ਵਜੇ ਵੀ ਤੁਰੇ ਤਾਂ ਨੌਂ ਵੱਜ ਜਾਣੇ ਐਂ ਪਹੁੰਚਦਿਆਂ। ਜਰਾ ਛੇਤੀ ਕਰੋ।”
ਰਮੇਸ਼ ਦੀ ਗੱਲ ਸੁਣ ਕੇ ਬੇਬੇ ਤਾਂ ਤਿਆਰ ਹੋਣ ਲੱਗ ਪਈ। ਪਰ ਬਾਪੂ ਜੀ ਨਹੀਂ ਉੱਠੇ। ਰਮੇਸ਼ ਦੇ ਮੁੜ ਕਹਿਣ ਉੱਤੇ ਉਹ ਢਿੱਲੀ ਜਿਹੀ ਆਵਾਜ਼ ਵਿਚ ਬੋਲੇ, “ਨਹੀਂ, ਮੇਰੀ ਤਬੀਅਤ ਕੁਝ ਠੀਕ ਨਹੀਂ…ਤੁਸੀਂ ਜਾ ਆਓ…।”
“ਹੁਣੇ ਤਾਂ ਤੁਸੀਂ ਚੰਗੇ ਭਲੇ ਸੀ। ਸਭ ਤੋਂ ਪਹਿਲਾਂ ਤਿਆਰ ਸੀ ਜਾਣ ਨੂੰ, ਅਚਾਨਕ ਕੀ ਹੋ ਗਿਆ?” ਰਮੇਸ਼ ਹੈਰਾਨ ਸੀ।
“ਨਹੀਂ, ਮੈਂ ਘਰ ਈ ਰੁਕਦਾਂ। ਨਾਲੇ ਸੁਨੀਤਾ ਵੀ ਘਰ ’ਕੱਲੀ ਨਾ ਰਹੂ।” ਕਹਿ ਉਹਨਾਂ ਨੇ ਰਮੇਸ਼ ਕੋਲ ਖੜ੍ਹੀ ਸੁਨੀਤਾ ਵੱਲ ਤੱਕਿਆ।
ਬਾਪੂ ਜੀ ਦੀ ਗੱਲ ਸੁਣ ਸੁਨੀਤਾ ਆਪਣੇ ਕਮਰੇ ਵੱਲ ਨੂੰ ਹੋ ਤੁਰੀ। ਕੁਝ ਦੇਰ ਵਿਚ ਉਹ ਕਾਕੇ ਨਾਲ ਜਾਣ ਨੂੰ ਤਿਆਰ ਖੜੀ ਸੀ।
“ਕੀ ਗੱਲ ਹੁਣ ਤੂੰ ਏਡੀ ਛੇਤੀ ਜਾਣ ਨੂੰ ਤਿਆਰ ਵੀ ਹੋਗੀ? ਹੁਣ ਨੀ ਡਰ ਲੱਗਣਾ ਕਾਕੇ ਨੂੰ?”
”ਮੈਂ ਸੋਚਿਆ, ਇਉਂ ਕਦੋਂ ਤੱਕ ਚੱਲੂ…ਆਖਰ ਤਾਂ ਕਾਕੇ ਦੇ ਮਨ ’ਚੋਂ ਡਰ ਕੱਢਣਾ ਈ ਪਊ।”
-0-