ਸੂਰਯਕਾਂਤ ਨਾਗਰ
ਫਲ
“ਮਾਂ ਜੀ ਨੇ ਸਵੇਰ ਦਾ ਕੁਝ ਨਹੀਂ ਖਾਧਾ, ਇਨ੍ਹਾਂ ਨੂੰ ਵੀ ਕੁਝ ਦਿਓ।” ਲੰਮੇਂ ਸਫਰ ਦੇ ਸਾਥੀ ਮੁਸਾਫਰ ਦੇ ਨਾਤੇ ਮੈਂ ਆਪਣੀ ਚਿੰਤਾ ਪ੍ਰਗਟਾਈ।
“ਮਾਂ ਸਫਰ ’ਚ ਅੰਨ ਗ੍ਰਹਿਣ ਨਹੀਂ ਕਰਦੀ।” ਉਹਨਾਂ ਨੇ ਦੱਸਿਆ।
“ਕੁਝ ਫਲ-ਫੁਲ ਈ ਲੈ ਦਿਓ।” ਮੈਂ ਸੁਝਾਇਆ।
ਪਤਾ ਨਹੀਂ ਪੁੱਤਰ ਨੇ ਢੰਗ ਨਾਲ ਸੁਣਿਆ ਜਾਂ ਨਹੀਂ, ਜਾਂ ਸੁਣਕੇ ਅਣਸੁਣਿਆ ਕਰ ਦਿੱਤਾ। ਅਗਲੇ ਸਟੇਸ਼ਨ ਉੱਤੇ ਗੱਡੀ ਰੁਕੀ ਤਾਂ ਮਾਂ ਦਾ ਨਿੱਕਾ ਪੋਤਰਾ ਅੰਗੂਰ ਵਾਲੇ ਨੂੰ ਦੇਖ ਕੇ ਅੰਗੂਰਾਂ ਲਈ ਮਚਲ ਉੱਠਿਆ। ਹਾਰ ਕੇ ਉਹਨਾਂ ਨੇ ਬੇਟੇ ਨੂੰ ਅੰਗੂਰ ਲੈ ਦਿੱਤੇ।
“ਬੇਟੇ, ਕੁਝ ਅੰਗੂਰ ਦਾਦੀ ਜੀ ਨੂੰ ਵੀ ਦਿਓ।” ਉਹਨਾਂ ਨੇ ਕਿਹਾ, ਪਰ ਲਾਡਲਾ ਇਸ ਲਈ ਤਿਆਰ ਨਹੀਂ ਹੋਇਆ। ਮੰਮੀ-ਪਾਪਾ ਨੇ ਡਾਂਟਿਆ ਵੀ, ਪਰ ਉਸ ਡਾਂਟ ਵਿਚ ਲਾਡ-ਪਿਆਰ ਇਸ ਕਦਰ ਸ਼ਾਮਲ ਸੀ ਕਿ ਨਿੱਕੇ ਉੱਤੇ ਕੋਈ ਅਸਰ ਨਹੀਂ ਹੋਇਆ।
ਕੁਝ ਦੇਰ ਬਾਦ ‘ਦਸ ਦੇ ਤਿੰਨ, ਦਸ ਦੇ ਤਿੰਨ!’ ਕਰਦਾ ਸੰਤਰੇ ਵੇਚਣ ਵਾਲਾ ਆਇਆ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ, “ਮਾਂ ਜੀ ਲਈ ਸੰਤਰੇ ਹੀ ਖਰੀਦ ਲਓ।”
ਉਹਨਾਂ ਨੇ ਕੁਝ ਛਿਣ ਵਿਚਾਰ ਕੀਤਾ ਤੇ ਫਿਰ ਮਾਂ ਨੂੰ ਕਿਹਾ, “ਮਾਂ, ਜਰਾ ਦਸ ਰੁਪਏ ਦੇਈਂ, ਮੇਰੇ ਕੋਲ ਖੁੱਲ੍ਹੇ ਨਹੀਂ ਹਨ।”
ਮਾਂ ਨੇ ਕਿਹਾ, “ਰਹਿਣ ਦੇ ਪੁੱਤ, ਅਜਿਹਾ ਵੀ ਕੀ ਜ਼ਰੂਰੀ ਐ।”
ਬੇਟੇ ਨੇ ਜਿੱਦ ਕੀਤੀ ਤਾਂ ਮਾਂ ਨੇ ਗੰਢ ਵਿੱਚੋਂ ਦਸ ਦਾ ਨੋਟ ਕੱਢ ਕੇ ਪੁੱਤਰ ਦੇ ਹੱਥ ਉੱਤੇ ਰੱਖ ਦਿੱਤਾ। ਇਸ ਵਾਰ ਵੀ ਨਿੱਕੇ ਨੇ ਸੰਤਰਿਆਂ ਦੀ ਥੈਲੀ ਝਪਟ ਲਈ ਤੇ ਬੋਲਿਆ, “ਮੈਂ ਕਿਸੇ ਨੂੰ ਨੀ ਦੇਣੇ ਸੰਤਰੇ। ’ਕੱਲਾ ਖਾਊਂਗਾ।”
ਉਹਦੇ ਪਾਪਾ ਨੇ ਜ਼ੋਰ ਜਬਰਦਸਤੀ ਕੀਤੀ ਤਾਂ ਨਿੱਕਾ ਜ਼ੋਰ ਜ਼ੋਰ ਨਾਲ ਰੋਣ ਲੱਗਾ। ਹੱਥ-ਪੈਰ ਮਾਰਨ ਲੱਗਾ। ਇਸ ਖਿੱਚ-ਧੂਹ ਵਿਚ ਉਹਨੇ ਪਾਪਾ ਦਾ ਮੂੰਹ ਵੀ ਨੋਚ ਲਿਆ। ਉਹਦੀ ਦਾਦੀ ਨੇ ਕਿਹਾ, “ਰਹਿਣ ਦੇ ਪੁੱਤ! ਨਿੱਕਾ ਖਾ ਲੂਗਾ ਤਾਂ ਸਮਝੂੰਗੀ ਮੈਂ ਈ ਖਾਧਾ ਐ।”
ਨਿੱਕੇ ਨੇ ਢਿੱਡ ਭਰ ਜਾਣ ਉੱਤੇ ਇਕ ਸੰਤਰਾ ਪਾਪਾ ਵੱਲ ਕਰਦਿਆਂ ਕਿਹਾ, “ਪਾਪਾ, ਇਹ ਤੁਸੀਂ ਖਾ ਲੋ।”
“ਦਾਦੀ ਨੂੰ ਦੇ ਦੇ ਬੇਟੇ!” ਪਾਪਾ ਨੇ ਸਮਝਾਉਣਾ ਚਾਹਿਆ, ਪਰ ਨਿੱਕਾ ਰਾਜੀ ਨਹੀਂ ਹੋਇਆ। ਮਾਂ ਵਿਚਾਰਗੀ ਨਾਲ ਇਹ ਸਭ ਦੇਖ ਰਹੀ ਸੀ। ਆਖਰ ਉਹਨੇ ਕਿਹਾ, “ਅੱਜ ਦੇ ਰਿਹੈ ਤਾਂ ਲੈ ਲੈ ਪੁੱਤ, ਪਤਾ ਨਹੀਂ ਕੱਲ ਕਿਹਾ ਫਲ ਮਿਲੇ।”
-0-
(पंजाबी से अनुवाद-श्याम सुन्दर अग्रवाल)