ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ
ਕੋਈ ਦਸ ਦਿਨ ਪਹਿਲਾਂ ਦੀ ਹੀ ਤਾਂ ਗੱਲ ਸੀ, ਜਦੋਂ ਕੰਮੋ ਨੇ ਪੋਚਾ ਲਾਉਂਦਿਆਂ ਦੇਖਿਆ ਸੀ ਕਿ ਕਿਵੇਂ ਸ਼ੀਸ਼ੇ ਸਾਹਮਣੇ ਖੜੀ ਪਿੰਕੀ ਬੇਬੀ ਨੇ ਆਪਣੀ ਬਾਂਹ ਉੱਤੇ ਖੁਦੇ ਨਾਂ ਨੂੰ ਵੱਖ-ਵੱਖ ਕੋਣਾਂ ਤੋ ਨਿਹਾਰਿਆ ਸੀ। ਫਿਰ ਕਿਵੇਂ ਉਸ ਨੂੰ ਸਹਿਲਾਇਆ ਸੀ ਤੇ ਫਿਰ ਇੱਕਦਮ ਬਾਂਹ ਉੱਪਰ ਚੁੱਕ ਕੇ ਚੁੰਮ ਲਿਆ ਸੀ।
‘ਹਾਏ! ਕਿੰਨੀ ਸੁੰਦਰ ਲਿਖਾਵਟ ਸੀ ਤੇ ਕਿੰਨਾ ਪਿਆਰਾ ਟੱਟੂ ਸੀ।’— ਉਹ ਦੇਖਦੀ ਹੀ ਰਹਿ ਗਈ ਸੀ। ਉਹਨੂੰ ਲੱਗਾ ਜਿਵੇਂ ਕੋਈ ਉਸਦੀ ਕਲਾਈ ਨੂੰ ਗੁਦਗੁਦਾ ਰਿਹਾ ਹੈ।
ਪਰ ਅੱਜ ਪਿੰਕੀ ਦੀ ਬਾਂਹ ਤੇ ਖੁਣਿਆ ਉਹ ਨਾਂ ਇਸ ਤਰਾਂ ਗਾਇਬ ਸੀ, ਜਿਵੇਂ ਉੱਥੇ ਕਦੇ ਸੀ ਹੀ ਨਹੀਂ। ਕੰਮੋ ਹੈਰਾਨ ਸੀ ਕਿ ਅਜਿਹੀ ਪੱਕੀ ਤੇ ਗੂੜ੍ਹੀ ਸਿਆਹੀ ਨਾਲ ਖੁਣੀ ਨਿਸ਼ਾਨੀ ਗਾਇਬ ਕਿਵੇਂ ਹੋ ਗਈ?
“ਤੁਹਾਡਾ ਉਹ ਟੱਟੂ ਕਿੱਥੇ ਗਿਆ ਬੇਬੀ?” ਉਸ ਤੋਂ ਰਹਿ ਨਹੀਂ ਹੋਇਆ ਤਾਂ ਪੁੱਛ ਲਿਆ।
“ਟੱਟੂ ਨਹੀਂ, ਟੈਟੂ।” ਪਿੰਕੀ ਖਿੜਖਿੜਾ ਕੇ ਹੱਸ ਪਈ, “ਕੰਮੋ ਆਂਟੀ, ਉਹ ਕੀ ਹੈ ਨਾ ਕਿ ਸਾਡਾ ਬ੍ਰੇਕਅੱਪ ਹੋ ਗਿਆ। ਇਸਲਈ ਮੈਂ ਉਹ ਟੈਟੂ ਰਿਮੂਵ ਕਰਾਤਾ, ਆਈ ਮੀਨ ਹਟਵਾਤਾ।”
“ਹਾਏ ਰੱਬਾ!” ਕੰਮੋ ਦੇ ਮੂੰਹੋਂ ਨਿਕਲਿਆ, “ਉਸ ”ਚ ਤਾਂ ਬਹੁਤ ਦਰਦ ਹੋਇਆ ਹੋਊਗਾ?”
“ਆਂਟੀ, ਅੱਜਕਲ ਦਰਦ-ਦੁਰਦ ਨਹੀਂ ਹੁੰਦਾ, ” ਪਿੰਕੀ ਨੇ ਲਾਪਰਵਾਹੀ ਨਾਲ ਮੇਢੇ ਉਚਕਾਏ, “ਲੇਜ਼ਰ ਬੀਮ ਨਾਲ ਆਸਾਨੀ ਨਾਲ ਮਿਟ ਜਾਂਦੈ, ਬਸ ਥੋੜੀ ਜੀ ਤਕਲੀਫ ਹੁੰਦੀ ਐ; ਪਰ ਦੇਖੋ ਨਿਸ਼ਾਨ ਤੱਕ ਨਹੀਂ ਬਚਦਾ।”
ਕੰਮੋ ਚੁੱਪਚਾਪ ਪੋਚਾ ਲਾਉਣ ਲੱਗੀ। ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਸੈਂਕੜੇ ਕੀੜੀਆਂ ਉਹਦੇ ਗੁੱਟ ਉੱਤੇ ਰੀਂਗ ਰਹੀਆਂ ਹੋਣ।
“ਆਂਟੀ, ਮੈਂ ਕਈ ਦਿਨਾਂ ਤੋਂ ਪੁੱਛਣਾ ਚਾਹ ਹਰੀ ਸੀ ਕਿ ਤੁਹਾਡੀ ‘ਰਿਸਟ’ ਤੇ ਇਹ ਸਕਾਰ, ਆਈ ਮੀਨ, ਇਹ ਦਾਗ ਕੈਸਾ ਹੈ?”
ਪਿੰਕੀ ਦੇ ਇਸ ਸਵਾਲ ਤੇ ਕੰਮੋਂ ਪਹਿਲਾਂ ਤਾਂ ਸ਼ਰਮਾ ਗਈ, ਫਿਰ ਇਕਦਮ ਹੱਸ ਪਈ, “ਉਹ ਕੀ ਐ ਨਾ ਬੇਬੀ ਕਿ ਸਾਡਾ ਵੀ ਹੋ ਗਿਆ ਸੀ ਬਰੇਕਅੱਪ! ਤਾਂ ਮੈਂ ਵੀ ਉਸਦਾ ਨਾਂ ਮਿਟਾ ਦਿੱਤਾ ਸੀ। ਕਈ ਵਰ੍ਹੇ ਪਹਿਲਾਂ ਪਿੰਡ ਦੇ ਮੇਲੇ ’ਚ ਖੁਣਵਾਇਆ ਸੀ। ਪਰ ਕੰਬਖਤ ਧੋਖੇਬਾਜ ਨਿਕਲਿਆ। ਤਦ ਉਸੇ ਰਾਤ ਚੁੱਲ੍ਹੇ ’ਚੋਂ ਮੱਚਦੀ ਲੱਕੜ ਕੱਢ ਗੁੱਟ ਉੱਤੇ ਰੱਖ ਲੀ ਸੀ। ਪੁੱਛ ਨਾ ਕਿੰਨਾ ਦਰਦ ਹੋਇਆ ਸੀ।”
ਅਚਾਣਕ ਉਹਦਾ ਹਾਸਾ ਫਿੱਕਾ ਪੈਣ ਲੱਗਾ, “ਕਾਸ਼, ਸਾਡੇ ਜ਼ਮਾਨੇ ’ਚ ਵੀ ਇਹ ਲੇਜ਼ਰ-ਵੇਜ਼ਰ ਹੁੰਦਾ। ਵੇਖ, ਨਾਂ ਤਾਂ ਮਿਟ ਗਿਆ, ਪਰ ਨਿਸ਼ਾਨ ਰਹਿ ਗਿਆ। ਕਦੇ ਕਦੇ ਏਸ ’ਚ ਬੜੀ ਚੀਸ ਪੈਂਦੀ ਐ!”
-0-
-0-