(ਪੰਜਾਬੀ ਅਨੁਵਾਦ: ਯੋਗਰਾਜ ਪ੍ਰਭਾਕਰ) / पंजाबी अनुवाद; योगराज प्रभाकर
ਸ਼ਿਕਾਰ ਦੀ ਤਾਂਘ ਵਿੱਚ ਕਈ ਘੰਟੇ ਇੱਕ ਲੱਤ ਭਾਰ ਖੜ੍ਹੇ ਰਹਿਣ ਦੇ ਬਾਵਜੂਦ ਵੀ ਜਦ ਕੁੱਝ ਹੱਥ ਨਾ ਲੱਗਿਆ, ਤਾਂ ਉਹ ਕਿਸੇ ਹੋਰ ਸਰੋਵਰ ਦੀ ਭਾਲ ਵਿੱਚ ਤੁਰ ਪਿਆ. ਰਾਹ ਵਿੱਚ ਹਰ ਪਾਸੇ ਖੁਸ਼ਹਾਲੀ ਸੀ. ਸਭ ਅੱਪਣੇ-ਅੱਪਣੇ ਕੰਮਾਂ ਵਿੱਚ ਇੰਝ ਮਗਨ ਸਨ ਕਿ ਕਿਸੇ ਨੇ ਸਿਰ ਚੁੱਕ ਕੇ ਉਸ ਵਲ ਤੱਕਿਆ ਵੀ ਨਹੀਂ। ਇਹ ਵੇਖਕੇ ਉਹ ਗਹਿਰੀ ਚਿੰਤਾ ਵਿਚ ਡੁੱਬ ਗਿਆ. ਇੱਕ ਰੁੱਖ ਥੱਲਿਓਂ ਲੰਘਦਿਆਂ ਉਸਨੂੰ ਦੋ ਉੱਲੂ ਆਪਸ ਵਿੱਚ ਲੜਦੇ ਨਜ਼ਰ ਆਏ.
“ਇਹ ਇਮਾਰਤ ਮੇਰੀ ਹੈ.” ਪਹਿਲਾ ਉੱਲੂ।
‘”ਕੀ ਭੌਂਕ ਰਿਹੈਂ?” ਦੂਸਰਾ ਉੱਲੂ। “ਇਹ ਤਾਂ ਸਾਡੇ ਪੁਰਖਿਆਂ ਨੇ ਬਣਵਾਈ ਸੀ.”
“ਤੁਹਾਡੇ ਪੁਰਖੇ ਕਿੱਡੇ ਵੱਡੇ ਲੁਟੇਰੇ ਸੀ, ਇਹ ਸਾਰਿਆਂ ਨੂੰ ਪਤੈ.” ਪਹਿਲੇ ਨੇ ਤੀਰ ਛੱਡਿਆ।
“ਮੂੰਹ ਸੰਭਾਲ ਕੇ ਗੱਲ ਕਰ ਓਏ …. ਨਹੀਂ ਤਾਂ। …” ਦੂਸਰਾ ਭੜਕਿਆ।
ਦੋਵੇਂ ਬਹਿਸਣ ਲੱਗ ਪਏ. ਉਸਨੇ ਦੋਹਾਂ ਨੂੰ ਸ਼ਾਂਤ ਕਰਾਇਆ ਅਤੇ ਫੇਰ ਬੜੀ ਗੰਭੀਰਤਾ ਨਾਲ ਇਲਾਕੇ ਦਾ ਜਾਇਜ਼ਾ ਲਿਆ। ਦੂਰ-ਦੂਰ ਤੱਕ ਕਿਸੇ ਇਮਾਰਤ ਦਾ ਨਾਂ-ਨਿਸ਼ਾਨ ਤੱਕ ਨਹੀਂ ਸੀ. ਉਹ ਇਹ ਸੋਚਕੇ ਹੈਰਾਨ ਸੀ ਕਿ ਉੱਲੂ ਦਿਨ ਵੇਲੇ ਕਦੋਂ ਤੋਂ ਵੇਖਣ ਲੱਗ ਪਏ.
ਉਸਨੇ ਉੱਲੂਆਂ ਨੂੰ ਸਮਝਾਉਂਦਿਆਂ ਕਿਹਾ, ,
“ਤੁਹਾਡੀ ਦੋਹਾਂ ਦੀ ਤਿੱਖੀ ਨਜ਼ਰ ਅਤੇ ਤੇਜ਼ ਦਿਮਾਗ ਕਾਬਿਲ-ਏ-ਤਾਰੀਫ਼ ਹੈ. ਅੱਪਣੀ-ਅੱਪਣੀ ਜਗ੍ਹਾਂ ਤੁਸੀਂ ਦੋਵੇਂ ਹੀ ਠੀਕ ਓਂ. ਇਮਾਰਤ ਕਿਸਦੀ ਹੈ, ਇਸਦਾ ਫ਼ੈਸਲਾ ਅਸੀਂ ਆਮ ਸਹਮਤੀ ਨਾਲ ਛੇਤੀ ਹੀ ਕਰ ਦਿਆਂਗੇ।” ਕਹਿੰਦਿਆਂ ਉਸਨੇ ਪਛਾਣ ਵਾਸਤੇ ਦੋਹਾਂ ਨੂੰ ਅੱਡ-ਅੱਡ ਰੰਗ ਦੀਆਂ ਟੋਪੀਆਂ ਪੁਆ ਦਿੱਤੀਆਂ।
ਉੱਲੂ ਬਰਾਦਰੀ ਵਿੱਚ ਇਹ ਗੱਲ ਅੱਗ ਵਾਂਗੂੰ ਫੈਲ ਗਈ. ਸਾਰਾ ਦਿਨ ਉਸਦੇ ਆਸਪਾਸ ਉੱਲੂਆਂ ਦੀ ਭੀੜ ਲੱਗਣ ਲੱਗ ਪਈ. ਹੁਣ ਉਹ ਬਾਕਾਇਦਾ ਕੁਰਸੀ ‘ਤੇ ਬੈਠ ਕੇ ਉਨ੍ਹਾਂ ਨੂੰ ਟੋਪੀਆਂ ਪਾਉਣ ਲੱਗ ਪਿਆ.
ਅਗਲੀ ਬਾਰ ਉਹ ਇਲਾਕੇ ਦੇ ਦੌਰੇ ਤੇ ਗਿਆ, ਤਾਂ ਹਰ ਟਾਹਣੀ ਉੱਪਰ ਟੋਪੀ ਵਾਲੇ ਉੱਲੂ ਬੈਠੇ ਹੋਏ ਸਨ ਤੇ ਉਸ ਕਾਲਪਨਿਕ ਇਮਾਰਤ ਨੂੰ ਲੈ ਕੇ ਆਪਸ ਵਿੱਚ ਝਗੜ ਰਹੇ ਸਨ.
..