पंजाबी अनुवाद: श्याम सुन्दर अग्रवाल
ਸ਼ੇਖਰ ਬਾਬੂ ਦੀ ਤਰੱਕੀ ਪਿਛਲੇ ਕਈ ਵਰ੍ਵਿਆਂ ਤੋਂ ਰੁਕੀ ਹੋਈ ਸੀ। ਪਰ ਇਕ ਦਿਨ ਅਜਿਹਾ ਚਮਤਕਾਰ ਹੋਇਆ ਕਿ ਉਹਨਾਂ ਦੀ ਕੇਵਲ ਤਰੱਕੀ ਹੀ ਨਹੀਂ ਹੋ ਗਈ, ਸਗੋਂ ਹਾਲਾਤ ਦੇ ਸ਼ਿਕਾਰ ਹੋਣ ਕਾਰਨ ਲਿਫਟ ਦੇ ਕੇ ਆਫਿਸ ਸੁਪਰਡੈਂਟ ਵੀ ਬਣਾ ਦਿੱਤਾ ਗਿਆ।
ਪਰ ਸਾਲ ਬੀਤਦੇ ਬੀਤਦੇ ਉਹਨਾਂ ਨੂੰ ਇੰਜ ਲੱਗਾ ਕਿ ਉਹ ਇਕ ਗਿੱਲੀ ਚਿਪਚਿਪੀ ਅੰਨ੍ਹੀ ਸੁਰੰਗ ਵਿਚ ਧਸਦੇ ਜਾ ਰਹੇ ਹਨ, ਧਸਦੇ ਹੀ ਜਾ ਰਹੇ ਹਨ। ਤੇ ਉਹਨਾਂ ਦੀ ਪਤਨੀ ਆਪਣੇ ਦੋਨੋਂ ਪੈਰ ਰੱਖਕੇ ਉਹਨਾਂ ਦੇ ਮੋਢੇ ਉੱਤੇ ਚੜ੍ਹੀ ਹੋਈ ਹੈ।
ਉਸ ਰਾਤ ਸ਼ੇਖਰ ਬਾਬੂ ਦੀ ਪਤਨੀ ਕੁਝ ਜ਼ਿਆਦਾ ਹੀ ਦੇਰ ਨਾਲ ਘਰ ਮੁੜੀ। ਕਿਸੇ ਦੀ ਕਾਰ ਉਸ ਨੂੰ ਘਰ ਛੱਡ ਗਈ ਸੀ। ਸ਼ੇਖਰ ਬਾਬੂ ਨੇ ਵੇਖਿਆ ਕਿ ਪਤਨੀ ਦੇ ਪੈਰ ਲੜਖੜਾ ਰਹੇ ਸਨ। ਉਹਨੇ ਪੀਤੀ ਹੋਈ ਸੀ। ਸ਼ੇਖਰ ਬਾਬੂ ਤਿਲਮਿਲਾ ਕੇ ਬੋਲੇ, “ਤਾਂ ਹੁਣ ਤੂੰ ਇੱਥੋਂ ਤਕ ਪਹੁੰਚ ਗਈਂ ਐਂ?”
ਪਤਨੀ ਨੇ ਪਤੀ ਦੀ ਤਿਲਮਿਲਾਹਟ ਨੂੰ ਟੇਢੀ ਨਿਗਾਹ ਨਾਲ ਵੇਖਿਆ। ਬੋਲੀ, “ਦੱਸੋ ਕਿੱਥੋਂ ਤਕ ਪਹੁੰਚੀ ਆਂ? ਤੁਸੀਂ ਆਪਣੇ ਕੈਰੀਅਰ ’ਚ ਉੱਪਰ ਚੜ੍ਹਨ ਲਈ ਮੈਨੂੰ ਪੌੜੀ ਦੀ ਤਰ੍ਵਾਂ ਵਰਤਿਆ…ਤੇ ਹੁਣ, ਜਦੋਂ ਮੈਂ ਆਪਣੇ ਕੈਰੀਅਰ ਲਈ ਖੁਦ ਨੂੰ ਇਸਤੇਮਾਲ ਕਰ ਰਈ ਆਂ, ਤਾਂ…”
ਸ਼ੇਖਰ ਬਾਬੂ ਨੂੰ ਲੱਗਾ ਕਿ ਉਹ ਇਕ ਮੱਛੀ ਨੇ ਤੇ ਉਹਨਾਂ ਦੇ ਸੰਘ ਵਿਚ ਕੰਡਾ ਫਸਿਆ ਹੋਇਆ ਹੈ।
-0-