जून 2026

भाषान्तरमृत्यूपरान्त/ ਮਰਨ ਤੋਂ ਬਾਅਦ / ਸਵਿਤਾ ਪਾਂਡੇ     Posted: November 1, 2024

ਅਨੁਵਾਦ : ਸ਼ਿਆਮ ਸੁੰਦਰ ਅਗਰਵਾਲ

“ਭਰਾ ਬਦਰੀ! ਤੂੰ ਕੈਸਾ ਗਾਂਧੀਵਾਦੀ ਐਂ! ਤੇਰੇ ਕੋਲ ਖਾਦੀ ਦੀ ਇਕ ਬੰਡੀ ਵੀ ਨਹੀਂ।” ਕਿਸੇ ਨੇ ਉਂਜ ਹੀ ਕਹਿ ਦਿੱਤਾ। ਪਰ ਗੱਲ ਬਦਰੀਨਾਥ ਦੇ ਮਨ ਨੂੰ ਲੱਗ ਗਈ। ਸੋਚਿਆ, ਬੇਟੇ ਨੂੰ ਕਹਿਣਗੇ ਕਿ ਖਾਦੀ ਦੀ ਇਕ ਬੰਡੀ ਲੈ ਦੇਵੇ।

“ਇਸ ਬੁਢਾਪੇ ’ਚ ਖਾਦੀ ਦੀ ਬੰਡੀ!” ਬੇਟਾ ਇੰਜ ਹੱਸਿਆ ਜਿਵੇਂ ਉਹਨਾਂ ਨੇ ਕੋਈ ਅਲੋਕਾਰ ਗੱਲ ਕਰ ਦਿੱਤੀ ਹੋਵੇ।

ਹੁਣ ਤਕ ਦੀ ਆਪਣੀ ਸਾਰੀ ਜਮਾ ਪੂੰਜੀ ਉਹਨਾਂ ਨੇ ਬੇਟੇ ਦੇ ਨਾਂ ਕਰ ਦਿੱਤੀ ਸੀ। ਬੁਢਾਪਾ ਪੈਨਸ਼ਨ ਦੇ ਸਾਰੇ ਪੈਸੇ ਵੀ ਬੇਟਾ ਹੀ ਆਪਣੇ ਕੋਲ ਰਖਦਾ ਸੀ। ਬੰਡੀ ਬਾਰੇ ਸੋਚ-ਸੋਚ ਕੇ ਬਦਰੀਨਾਥ ਰੋਣਹੱਕੇ ਹੋ ਗਏ। ਇਕ ਵਾਰ ਤਾਂ ਲੱਗਾ ਕਿ ਬੇਟਾ ਸਹੀ ਹੀ ਤਾਂ ਕਹਿ ਰਿਹਾ ਹੈ, ਪਰ ਖਾਦੀ ਦੀ ਬੰਡੀ ਇਸ ਕਦਰ ਦਿਲ-ਦਿਮਾਗ ਤੇ ਛਾ ਗਈ ਸੀ ਕਿ ਹੌਲੇ-ਹੌਲੇ ਉਹਨਾਂ ਦੀ ਸੰਕਲਪ ਸ਼ਕਤੀ ਨੂੰ ਕਮਜ਼ੋਰ ਕਰਨ ਲੱਗੀ। ਬੇਚੈਨੀ ਬਣਕੇ ਉਹਨਾਂ ਦੇ ਬਿਰਧ ਸਰੀਰ ਨੂੰ ਹੋਰ ਜਰਜਰ ਕਰਨ ਲੱਗੀ।  ਭੁੱਖ-ਪਿਆਸ ਸਭ ਖਤਮ ਹੋ ਗਈ।

ਖਾਦੀ ਦੀ ਬੰਡੀ ਦਿਨ-ਰਾਤ ਉਹਨਾਂ ਦੇ ਦਿਲ-ਦਿਮਾਗ ਵਿਚ ਛਾਈ ਰਹਿੰਦੀ। ਅੰਤ ਉਹਨਾਂ ਨੇ ਫ਼ੈਸਲਾ ਕਰ ਲਿਆ ਕਿ  ਬੇਟੇ ਤੋਂ ਨਾ ਸਹੀ ਉਹ ਦੋਸਤਾਂ ਤੋ ਉਧਾਰ ਪੈਸੇ ਲੈ ਕੇ ਬੰਡੀ ਲਿਆਉਣਗੇ। ਪੈਸੇ ਹੌਲੇ-ਹੌਲੇ ਚੁਕਾ ਦੇਣਗੇ। ਪਰ ਦੋਸਤਾਂ ਨੇ ਵੀ ਮਜ਼ਾਕ ਉਡਾਇਆ, “ਕਬਰ ’ਚ ਪੈਰ ਨੇ ਤੇ ਬੰਡੀ ਦੀ ਪਈ ਐ।”

ਹੁਣ ਤਾਂ ਬਦਰੀਨਾਥ ਨੇ ਪੱਕਾ ਨਿਸ਼ਚਾ ਕਰ  ਲਿਆ ਕਿ ਉਹ ਬੰਡੀ ਤਾਂ ਜ਼ਰੂਰ ਪਾਉਣਗੇ। ਬਸ ਫਿਰ ਕੀ ਸੀ ਹਰ ਆਉਂਦੇ-ਜਾਂਦੇ, ਰਾਹ ਚਲਦੇ ਕੋਲ ਬੰਡੀ ਦਾ ਜ਼ਿਕਰ ਕਰਨ ਲੱਗੇ। ਪੈਸੇ ਉਧਾਰ ਮੰਗਣ ਲੱਗੇ। ਪਰ ਹਰ ਜਗ੍ਹਾ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਸਗੋਂ ਉਹਨਾਂ ਦਾ ਮਜ਼ਾਕ ਹੀ ਉਡਾਇਆ ਗਿਆ।

ਬੰਡੀ ਦੀ ਚਾਹ ਉਹਨਾਂ ਦੀ ਅੰਤਮ ਇੱਛਾ ਬਣ ਘੁਣ ਵਾਂਗ ਉਹਨਾਂ ਨੂੰ ਖੋਖਲਾ ਕਰਨ ਲੱਗੀ। ਤੇ ਇਕ ਦਿਨ ਬੀਮਾਰ ਬਦਰੀਨਾਥ ਮਨ ਵਿਚ ਬੰਡੀ ਦੀ ਇੱਛਾ ਲਈ ਸੰਸਾਰ ਤੋਂ ਵਿਦਾ ਹੋ ਗਏ।

ਕਿਤੇ ਬਾਪੂ ਦੀ ਆਤਮਾ ਭਟਕਦੀ ਹੀ ਨਾ ਰਹਿ ਜਾਵੇ, ਇਸ ਡਰ ਤੋਂ ਬੇਟੇ ਨੇ ਬਜ਼ਾਰੋਂ ਸਭ ਤੋਂ ਮਹਿੰਗੀ ਖਾਦੀ ਖਰੀਦ ਉਸਦੀ ਬੰਡੀ ਉਹਨਾਂ ਦੇ ਮ੍ਰਿਤ ਸਰੀਰ ਨੂੰ ਪੁਆਕੇ ਅਰਥੀ ਤੇ ਲਿਟਾਇਆ। ਦੋਸਤ-ਮਿੱਤਰ, ਰਿਸ਼ਤੇਦਾਰ ਜਿਸ ਕਿਸੇ ਤੋਂ ਵੀ ਬਦਰੀਨਾਥ ਨੇ ਬੰਡੀ ਲਈ ਪੈਸੇ ਮੰਗੇ ਸਨ, ਉਹ ਸਭ ਬਦਰੀਨਾਥ ਦੇ ਮ੍ਰਿਤ ਸਰੀਰ ਤੇ ਪਾਉਣ ਲਈ ਬੰਡੀ ਲਿਆਏ।

ਬਦਰੀਨਾਥ ਖਾਦੀ ਦੀਆਂ ਬੰਡੀਆਂ ਨਾਲ ਲੱਦੇ ਅਰਥੀ ਉੱਪਰ ਸ਼ਮਸ਼ਾਨ ਜਾ ਰਹੇ ਸਨ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇਹ ਜ਼ਰੂਰੀ ਵੀ ਸੀ।

                                                            -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine