पंजाबी अनुवाद- परमजीत कौर ‘रीत’ ਅਨੁਵਾਦ- ਪਰਮਜੀਤ ਕੌਰ ‘ਰੀਤ’
ਸਮੇੰ ਨੇ ਕਦੀ ਇੰਨੀ ਵਿਹਲ ਹੀ ਨਹੀਂ ਦਿੱਤੀ ਸੀ ਕਿ ਇੱਕਠੇ ਬਹਿ ਕੇ ਪਿਆਰ ਦੀਆਂ ਦੋ ਗੱਲਾਂ ਹੀ ਕਰ ਲਈਏ। ਜੇ ਕਦੇ ਵਿਹਲ ਮਿਲੀ ਵੀ ਤਾਂ ਪਹਿਲਾਂ ਮਾਪਿਆਂ ਤੋਂ ਤੇ ਫੇਰ ਨਿਆਣਿਆਂ ਤੋਂ ਸੰਗਦੇ ਰਹਿ ਗਏ। ਨਿਜੀ ਪਲਾਂ ਵਿੱਚ ਵੀ ਉਹਨਾਂ ਦੀ ਚਰਚਾ ਦੇ ਵਿਸ਼ੇ ਭੈਣਾ ਦਾ ਵਿਆਹ, ਬੱਚਿਆਂ ਦੀ ਵਰਦੀ ਅਤੇ ਉਹਨਾਂ ਦੀ ਟਿਊਸ਼ਨ ਹੀ ਰਹੇ।
ਹੁਣ ਬੱਚੇ ਆਪੋ-ਆਪਣੇ ਕੰਮਕਾਜ ਵਿੱਚ ਰੁੱਝ ਗਏ ਹਨ। ਆਪਣੀ ਰਿਟਾਇਰਮੈਂਟ (ਸੇਵਾਮੁਕਤੀ) ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਆਪਣੀ ਪਤਨੀ ਨੂੰ ਪਿਆਰ ਨਾਲ ਵੇਖਦਿਆਂ ਆਖਿਆ, “ਅੱਜ ਸ਼ਾਮ ਨੂੰ ਝੀਲ ਦੇ ਕੰਢੇ ਗੋਲਗੱਪੇ ਖਾਣ ਚੱਲੇੰਗੀ?”
ਪਤਨੀ ਨੇ ਮੁਸਕਰਾ ਕੇ ਆਖਿਆ, ” ਵਿਹਲ ਹੈ ਤਾਂ ਡਾਕਟਰ ਨੂੰ ਵਿਖਾ ਆਓ। ਤੁਸੀਂ ਕਈ ਦਿਨਾਂ ਤੋੰ ਖੰਘਦੇ ਫਿਰਦੇ ਹੋਂ। ਅਦਰਕ ਦੀ ਚਾਹ ਨਾਲ ਵੀ ਕੋਈ ਫਰਕ ਨੀਂ ਪੈ ਰਿਹਾ।”
“ਤੂੰ ਵੀ ਚੱਲ, ਤੂੰ ਵੀ ਤਾਂ ਗੋਡਿਆਂ ਦੀ ਪੀੜ ਕਰਕੇ ਹਾਏ–ਹਾਏ ਕਰਦੀ ਰਹਿਣੀ ਐਂ ।”
“ਮੈਂ (ਗੋਡਿਆਂ ਤੇ) ‘ਮੂਵ‘ ਆਲੀ ਦਵਾਈ ਲਾ ਲਈ ਐ, ਹੁਣ ਠੀਕ ਹੈ। ਤੁਸੀਂ ਵਗ ਜੋ।”
“ਅਤੇ ਤੂੰ?”
” ਮੈਂ ਚੁੱਲ੍ਹੇ ਤੇ ਗਾਜਰ ਦਾ ਹਲਵਾ ਧਰ ਰੱਖਿਆ ਹੈ। ਓ ਆਪਣੇ ਪੁੱਤਰ ਰੰਜਨ ਦਾ ਆੜੀ ਹੈ ਨਾ ਸੁਮੰਤ, ਉਹ ਕੱਲ੍ਹ ਪੂਨੇ (ਸ਼ਹਿਰ) ਜਾ ਰਿਹਾ ਹੈ। ਉਸਦੇ ਹੱਥ ਇਹ ਹਲਵਾ ਸੁਮੰਤ ਨੂੰ ਘੱਲ ਦੇਵਾਂਗੀ। ਉਸਨੂੰ ਬਾਹਲਾ ਹੀ ਪਸੰਦ ਹੈ। ਵਿਚਾਰੀ ਵਹੁਟੀ ਨੂੰ ਤਾਂ ਨੌਕਰੀ ਕਰਨ ਕਰਕੇ ਕੁੱਝ (ਖਾਸ ) ਬਣਾਕੇ ਖੁਆਉਣ ਦੀ ਵਿਹਲ ਹੀ ਨਹੀਂ ਮਿਲਦੀ ।”
ਉਹਨਾਂ ਦਾ ਚਿੱਤ ਤਾਂ ਕਰ ਰਿਹਾ ਸੀ ਕੀ ਆਖਣ, ਤੈਨੂੰ ਕਿੱਥੇ ਵਿਹਲ ਮਿਲਦੀ ਹੈ। ਪਰ ਉਹ ਚੁੱਪ ਹੀ ਰਹਿ ਗਏ। ਆਖ਼ਰ ਸਾਰੀ ਜ਼ਿੰਦਗੀ ਉਹਨਾਂ ਨੂੰ ਵੀ ਕਿੱਥੇ ਵਿਹਲ ਮਿਲੀ ਕੁੱਝ ਕਹਿਣ-ਸੁਣਨ ਦੀ।
-0- ਸ਼੍ਰੀ ਗੰਗਾਨਗਰ (ਰਾਜਸਥਾਨ)